Discover Our Village History

ਪਿੰਡ ਪਥਰਾਲਾ

ਦੇ ਵਸੇਵੇ ਦਾ ਮੁੱਢ ਕੋਟਬਖ਼ਤੂ ਦੇ ਸਰਾਂ ਗੋਤ ਦੇ ਸਿੱਖ ਸਰਦਾਰਾਂ ਦੇ ਸਿਰ ਬੱਝਦਾ ਹੈ।ਪਿੰਡ ਦੇ ਵਸਨੀਕਾਂ ਦੇ ਦੱਸਣ ਅਨੁਸਾਰ 1698 ਈਸਵੀ ਨੂੰ ਕਰੀਬ 322 ਸਾਲ ਪਹਿਲਾਂ ਸਰਾਂ ਗੋਤ ਦੇ ਮੱਸਾ ,ਪੁੱਤਰ ਦੁੱਲਾ, ਪੁੱਤਰ ਸ਼ਮਸ਼ੇਰ ਜੱਟ ਸਰਾਂ ਪਿੰਡ ਬਾਘਾ ਤੋਂ ਅਤੇ ਸੰਤੂ ਬੱਗਾ ਅਤੇ ਲਾਲ ਚੰਦ ਬੇਟੇ ਸਾਂਡ, ਜੈਮਲ ਪੁੱਤਰ ਪੰਜੂ ਵਾ ਕਾਲਾ ਜੱਟ ਸਰਾਏ ਪਿੰਡ ਕੋਟਬਖ਼ਤੂ ਤੋਂ ਉੱਠ ਕੇ ਰਾਜਾ ਜੋਧ ਸਿੰਘ ਨੂੰ ਨਜ਼ਰਾਨਾ ਦੇ ਕੇ ਇਸ ਪਿੰਡ ਦੀ ਮੋੜ੍ਹੀ ਗੱਡੀ ਸੀ। ਜ਼ਿਕਰਯੋਗ ਹੈ ਕਿ ਜੱਟ ਸਿੱਖਾਂ ਦੇ ਸਰਾਂ ਗੋਤ ਦੇ ਵਸੇ 12 ਪਿੰਡਾਂ ਦਾ ਸੰਬੰਧ ਪਿੰਡ ਕੋਟਬਖ਼ਤੁ ਨਾਲ ਜੁੜਦਾ ਹੋਣ ਕਾਰਨ ਇਸ ਪਿੰਡ ਦਾ ਪਿਛੋਕੜ ਵੀ ਸਰਾਂ ਗੋਤ ਨਾਲ ਜਾ ਜੁੜਦਾ ਹੈ, ਜਿਨ੍ਹਾਂ ਵਿਚ ਪਿੰਡ ਕੋਟਬਖ਼ਤੂ, ਪੱਕਾ ਕਲਾਂ, ਪਥਰਾਲਾ, ਜੱਸੀ ਬਾਗ਼ਵਾਲੀ, ਸ਼ੇਰਗੜ੍ਹ, ਗੰਗਾ, ਬਾਘਾ, ਫੱਲ੍ਹੜ, ਪੰਨੀਵਾਲਾ ਮੋਰੀਕਾ, ਦੇਸੂ, ਸੇਖੂਜੋਗੇਵਾਲਾ ਆਦਿ ਮੁੱਖ ਪਿੰਡ ਹਨ।

ਪਿੰਡ ਦੀ ਮੋੜ੍ਹੀ ਗੱਡਣ ਸਮੇਂ ਇੱਥੇ ਜ਼ਮੀਨ ‘ਚ ਪਥਰਾਂ ਤੇ ਰੋੜ ਹੋਣ ਕਾਰਨ ਪਿੰਡ ਦਾ ਨਾਂਅ ਪੱਥਰਾਂਵਾਲਾ ਰੱਖਿਆ ਗਿਆ, ਜੋ ਬਾਅਦ ਵਿਚ ਸਮੇਂ ਦੇ ਅਨੁਸਾਰ ਪਥਰਾਲਾ ਹੈ ਗਿਆ। ਬਠਿੰਡਾ ਬੀਕਾਨੇਰ ਰੇਲ ਮਾਰਗ ਅਤੇ ਬਠਿੰਡਾ ਡੱਬਵਾਲੀ ਰਾਸ਼ਟਰੀ ਰਾਜ ਮਾਰਗ ਨਾਲ ਜੁੜੇ ਇਸ ਪਿੰਡ ਦੀਆਂ ਹੱਦਾਂ ਫਰੀਦਕੋਟ ਕੋਟਲੀ, ਬਾਂਡੀ, ਚੌਕ ਰੁਲਦੂ ਸਿੰਘ ਵਾਲਾ, ਫਤੂਹੀਵਾਲਾ, ਜੋਗੇ ਵਾਲਾ, ਪੰਨੀਵਾਲਾ, ਪਿੰਡ ਡੱਬਵਾਲੀ ਅਤੇ ਡੂੰਮਵਾਲੀ ਨਾਲ ਲੱਗਦੀਆਂ ਹਨ।

ਵਿਰਾਸਤੀ ਸਥਾਨ-

ਬਠਿੰਡਾ ਜਿਲ੍ਹੇ ਦੇ ਸੰਗਤ ਬਲਾਕ ‘ਚ ਪੈਂਦੇ ਇਸ ਪਿੰਡ ਦੇ ਵਿਚਕਾਰ ਪਾਣੀ ਦੇ ਸਰੋਤ ਲਈ ਬਣਿਆ ਤਿੰਨ ਸਦੀਆਂ ਪੁਰਾਣਾ ਖੂਹ ਪੁਰਾਤਨ ਵਿਰਸੇ ਦੀ ਯਾਦ ਤਾਜਾ ਕਰਵਾਉਂਦਾ ਹੈ, ਪ੍ਰੰਤੂ ਸੰਭਾਲ ਪੱਖੋਂ ਇਸ ਦੀ ਹਾਲਤ ਬਦਤਰ ਹੋਈ ਜਾਪਦੀ ਹੈ। ਪਿੰਡ ਵਿਚ ਬਣੇ ਗੁਰਦੁਆਰਾ ਬਾਬਾ ਗੋਸਾਈਂਆਣਾ ਤਪ ਸਥਾਨ ਬਾਬਾ ਜਿਉਣ ਸਿੰਘ ਤੇ ਬਾਬਾ ਨਿਹਾਲ ਸਿੰਘ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸ਼ੀਤਲਾ ਮਾਤਾ ਮੰਦਰ, ਡੇਰਾ ਬਾਬਾ ਵਰਿਆਮ ਦਾਸ, ਹਨੂੰਮਾਨ ਮੰਦਰ, ਮੰਦਰ ਬਾਬਾ ਰਾਮਦੇਵ, ਸਮਾਧ ਦਾਤਾ ਹਰੀ ਸਿੰਘਸੰਤ ਨਿੱਕੂ ਰਾਮ ਜੀਕੱਚਾ ਕੋਠਾ ਬਾਬਾ ਨਾਥ ਜੀ ਤੇ ਦੋ ਪੀਰਖਾਨੇ ਤੋਂ ਇਲਾਵਾ ਪਿੰਡ ‘ਬਣੇ ਡੇਰਾ ਬਾਬਾ ਭੁੱਖੜ ਦਾਸ ਪ੍ਰਤੀ ਵੀ ਪਿੰਡ ਦੇ ਲੋਕਾਂ ‘ਚ ਅਥਾਹ ਸ਼ਰਧਾ ਹੈ।